<font face="mangal" size="3"><span style="font-family:Arial;">₹</span>2000 ਮੁੱਲ ਦੇ ਬੈਂਕ ਨੋਟ - ਸਰਕੂਲੇਸ਼ਨ ਵਿੱਚੋਂ ਬਾ - ਆਰਬੀਆਈ - Reserve Bank of India
₹2000 ਮੁੱਲ ਦੇ ਬੈਂਕ ਨੋਟ - ਸਰਕੂਲੇਸ਼ਨ ਵਿੱਚੋਂ ਬਾਹਰ- ਲੀਗਲ ਟੈਂਡਰ ਵਜੋਂ ਜਾਰੀ ਰਹਿਣਗੇ
19 ਮਈ 2023 ₹2000 ਮੁੱਲ ਦੇ ਬੈਂਕ ਨੋਟ - ਸਰਕੂਲੇਸ਼ਨ ਵਿੱਚੋਂ ਬਾਹਰ- ਲੀਗਲ ਟੈਂਡਰ ਵਜੋਂ ਜਾਰੀ ਰਹਿਣਗੇ ਆਰ.ਬੀ.ਆਈ ਐਕਟ, 1934 ਦੀ ਧਾਰਾ 24(1) ਦੇ ਤਹਿਤ ਨਵੰਬਰ 2016 ਵਿੱਚ ₹2000 ਮੁੱਲ ਦਾ ਬੈਂਕ ਨੋਟ ਜਾਰੀ ਕੀਤਾ ਗਿਆ ਸੀ। ਮੁੱਖ ਤੌਰ 'ਤੇ ₹500 ਅਤੇ ₹1000 ਮੁੱਲ ਦੇ ਬੈਂਕ ਨੋਟ ਜੋ ਉਸ ਵੇਲੇ ਸਰਕੂਲੇਸ਼ਨ ਵਿੱਚ ਸਨ, ਦੇ ਕਾਨੂੰਨੀ ਟੈਂਡਰ ਦਾ ਦਰਜਾ ਵਾਪਸ ਲੈਣ ਤੋਂ ਬਾਅਦ, ਅਰਥਵਿਵਸਥਾ ਦੀ ਮੁਦਰਾ ਲੋੜਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ₹2000 ਦੇ ਬੈਂਕ ਨੋਟਾਂ ਨੂੰ ਜਾਰੀ ਕੀਤਾ ਗਿਆ ਸੀ। ਸਰਕੂਲੇਸ਼ਨ ਵਿੱਚ ਹੋਰ ਮੁੱਲ ਦੇ ਬੈਂਕ ਨੋਟ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੋਣ ਕਰਕੇ ₹2000 ਦੇ ਬੈਂਕ ਨੋਟਾਂ ਨੂੰ ਜਾਰੀ ਕਰਨ ਦਾ ਉਦੇਸ਼ ਪੂਰਾ ਹੋ ਗਿਆ ਸੀ। ਇਸ ਲਈ, 2018-19 ਵਿੱਚ ₹2000 ਰੁਪਏ ਦੇ ਬੈਂਕ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ। 2. ₹2000 ਮੁੱਲ ਦੇ ਬੈਂਕ ਨੋਟਾਂ ਵਿੱਚੋਂ ਲਗਭਗ 89% ਬੈਂਕ ਨੋਟ ਮਾਰਚ 2017 ਤੋਂ ਪਹਿਲਾਂ ਜਾਰੀ ਕੀਤੇ ਗਏ ਸਨ ਅਤੇ ਇਹ 4-5 ਸਾਲਾਂ ਦੇ ਆਪਣੇ ਅਨੁਮਾਨਿਤ ਜੀਵਨ ਕਾਲ ਦੇ ਅੰਤ ਵਿੱਚ ਹਨ। 31 ਮਾਰਚ, 2018 ਨੂੰ ਇਹਨਾਂ ਬੈਂਕ ਨੋਟਾਂ ਦੀ ਕੁੱਲ ਕੀਮਤ ₹6.73 ਲੱਖ ਕਰੋੜ (ਸਰਕੂਲੇਸ਼ਨ ਵਿੱਚ ਚੱਲ ਰਹੇ ਨੋਟਾਂ ਦਾ 37.3%) ਸੀ, ਜੋ 31 ਮਾਰਚ, 2023 ਨੂੰ ਘੱਟ ਕੇ ₹3.62 ਲੱਖ ਕਰੋੜ (ਸਰਕੂਲੇਸ਼ਨ ਵਿੱਚ ਚੱਲ ਰਹੇ ਨੋਟਾਂ ਦਾ 10.8%) ਹੋ ਗਈ ਹੈ। ਇਹ ਵੀ ਦੇਖਿਆ ਗਿਆ ਹੈ ਕਿ ₹2000 ਮੁੱਲ ਦੇ ਬੈਂਕ ਨੋਟ ਆਮ ਤੌਰ 'ਤੇ ਲੈਣ-ਦੇਣ ਲਈ ਵਰਤੋਂ ਵਿੱਚ ਨਹੀਂ ਹਨ। ਇਸ ਤੋਂ ਇਲਾਵਾ, ਹੋਰ ਮੁੱਲ ਦੇ ਬੈਂਕ ਨੋਟ, ਜਨਤਾ ਦੀ ਮੁਦਰਾ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਉਪਲਬਧ ਹਨ। 3. ਉਪਰੋਕਤ ਦੇ ਮੱਦੇਨਜ਼ਰ, ਅਤੇ ਭਾਰਤੀ ਰਿਜ਼ਰਵ ਬੈਂਕ ਦੀ "ਕਲੀਨ ਨੋਟ ਪਾਲਿਸੀ" ਦੀ ਪਾਲਣਾ ਕਰਦੇ ਹੋਏ, ₹2000 ਮੁੱਲ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। 4. ₹2000 ਮੁੱਲ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। 5. ਭਾਰਤੀ ਰਿਜ਼ਰਵ ਬੈਂਕ ਨੇ 2013-2014 ਵਿੱਚ ਵੀ ਸਰਕੂਲੇਸ਼ਨ ਤੋਂ ਨੋਟਾਂ ਨੂੰ ਵਾਪਸ ਲੈਣ ਦਾ ਕੰਮ ਕੀਤਾ ਸੀ। 6. ਇਸ ਅਨੁਸਾਰ, ਜਨਤਾ ₹2000 ਦੇ ਬੈਂਕ ਨੋਟਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰ ਸਕਦੇ ਹਨ ਅਤੇ/ਜਾਂ ਉਹਨਾਂ ਨੂੰ ਕਿਸੇ ਵੀ ਬੈਂਕ ਸ਼ਾਖਾ ਵਿੱਚ ਹੋਰ ਮੁੱਲ ਦੇ ਬੈਂਕ ਨੋਟਾਂ ਨਾਲ ਬਦਲ ਸਕਦੇ ਹਨ। ਬੈਂਕ ਖਾਤਿਆਂ ਵਿੱਚ ਨੋਟ ਆਮ ਤਰੀਕੇ ਨਾਲ, ਭਾਵ, ਬਿਨਾਂ ਕਿਸੇ ਪਾਬੰਦੀ ਦੇ ਅਤੇ ਮੌਜੂਦਾ ਨਿਰਦੇਸ਼ਾਂ ਅਤੇ ਹੋਰ ਲਾਗੂ ਕਾਨੂੰਨੀ ਵਿਵਸਥਾਵਾਂ ਦੇ ਅਧੀਨ ਜਮ੍ਹਾ ਕਰ ਸਕਦੇ ਹਨ। 7. ਸੰਚਾਲਨ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਅਤੇ ਬੈਂਕ ਸ਼ਾਖਾਵਾਂ ਦੀਆਂ ਨਿਯਮਤ ਗਤੀਵਿਧੀਆਂ ਵਿੱਚ ਵਿਘਨ ਪਾਏ ਬਿਨਾਂ 23 ਮਈ, 2023 ਤੋਂ ਕਿਸੇ ਵੀ ਬੈਂਕ ਵਿੱਚ ਇੱਕ ਵਾਰ ਵਿੱਚ ₹20000/- ਦੀ ਸੀਮਾ ਤੱਕ ₹2000 ਦੇ ਬੈਂਕ ਨੋਟਾਂ ਨੂੰ ਹੋਰ ਮੁੱਲ ਦੇ ਬੈਂਕ ਨੋਟਾਂ ਵਿੱਚ ਬਦਲਿਆ ਜਾ ਸਕਦਾ ਹੈ। 8. ਸਮਾਂਬੱਧ ਤਰੀਕੇ ਨਾਲ ਇਸ ਕੰਮ ਨੂੰ ਪੂਰਾ ਕਰਨ ਲਈ ਅਤੇ ਜਨਤਾ ਨੂੰ ਢੁਕਵਾਂ ਸਮਾਂ ਪ੍ਰਦਾਨ ਕਰਨ ਲਈ, ਸਾਰੇ ਬੈਂਕ 30 ਸਤੰਬਰ, 2023 ਤੱਕ ₹2000 ਦੇ ਬੈਂਕ ਨੋਟਾਂ ਲਈ ਜਮ੍ਹਾ ਅਤੇ/ਜਾਂ ਅਦਲਾ-ਬਦਲੀ ਦੀ ਸਹੂਲਤ ਪ੍ਰਦਾਨ ਕਰਨਗੇ। ਇਸ ਸੰਬੰਧ ਵਿੱਚ ਬੈਂਕਾਂ ਨੂੰ ਅਲੱਗ ਤੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। 9. ਇੱਕ ਵਾਰ ਵਿੱਚ ₹20,000/- ਦੀ ਸੀਮਾ ਤੱਕ ₹2000 ਦੇ ਬੈਂਕ ਨੋਟਾਂ ਦੀ ਅਦਲਾ-ਬਦਲੀ ਦੀ ਸਹੂਲਤ 23 ਮਈ, 2023 ਤੋਂ ਆਰ.ਬੀ. ਆਈ ਦੇ 19 ਖੇਤਰੀ ਦਫ਼ਤਰਾਂ (ROs), ਜਿੱਥੇ ਨਿਰਗਮ ਵਿਭਾਗ1 ਸਥਿਤ ਹਨ, ਵਿੱਚ ਵੀ ਮੁਹੱਈਆ ਕਰਵਾਈ ਜਾਵੇਗੀ। 10. ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਨਾ ਕਰਨ ਦੀ ਹਿਦਾਇਤ ਦਿੱਤੀ ਹੈ। 11. ਜਨਤਾ ਨੂੰ ₹2000 ਦੇ ਬੈਂਕ ਨੋਟ ਜਮ੍ਹਾ ਕਰਨ ਅਤੇ/ਜਾਂ ਬਦਲੀ ਕਰਨ ਲਈ 30 ਸਤੰਬਰ, 2023 ਤੱਕ ਦੇ ਸਮੇਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਲੋਕਾਂ ਦੀ ਜਾਣਕਾਰੀ ਅਤੇ ਸਹੂਲਤ ਲਈ ਇਸ ਮਾਮਲੇ ਵਿੱਚ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs) 'ਤੇ ਇੱਕ ਦਸਤਾਵੇਜ਼ ਆਰ.ਬੀ. ਆਈ ਦੀ ਵੈੱਬਸਾਈਟ 'ਤੇ ਜਾਰੀ ਕੀਤਾ ਗਿਆ ਹੈ। (ਯੋਗੇਸ਼ ਦਿਆਲ) ਪ੍ਰੈਸ ਰਿਲੀਜ਼: 2023-2024/257 1 ਅਹਿਮਦਾਬਾਦ, ਬੰਗਲੌਰ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ |